ਹੁਸ਼ਿਆਰਪੁਰ, ਤਰਸੇਮ ਦੀਵਾਨ

ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਣ ਦਾਸ ਨੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਬਾਰੇ ਆਇਆ ਸੁਪਰੀਮ ਕੋਰਟ ਦਾ ਫੈਸਲਾ ਭਾਵੇਂ ਸੰਗਤਾਂ ਦੀਆਂ ਭਾਵਨਾਵਾਂ ਦੇ ਬਹੁਤਾ ਅਨੁਕੂਲ ਨਹੀਂ , ਫਿਰ ਵੀ ਅਸੀਂ ਧੰਨਵਾਦੀ ਹਾਂ ਕਿਉਂਕਿ ਜਿਸ ਜਗ੍ਹਾ ਤੋਂ ਸਾਡਾ ਮੰਦਿਰ ਢਾਹਿਆ ਗਿਆ ਸੀ, ਉਸੇ ਸਥਾਨ ‘ਤੇ ਮੰਦਿਰ ਮੁੜ ਉਸਾਰਨ ਦੇ ਨਾਲ ਪਵਿੱਤਰ ਤਲਾਬ ਅਤੇ ਮਹਾਂਪੁਰਖਾਂ ਦੀਆਂ ਸਮਾਧੀਆਂ ਦੀ ਥਾਂ ਵੀ ਸਾਡੇ ਸਮਾਜ ਨੂੰ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਾਡੇ ਸੰਘਰਸ਼ ਦੀ ਸਭ ਤੋਂ ਵੱਡੀ ਜਿੱਤ ਇਹ ਹੈ ਕਿ 21 ਅਗਸਤ ਦੇ ਧਰਨੇ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਰੇ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਕੇ ਉਨ੍ਹਾਂ ਉੱਪਰ ਪਾਏ ਗਏ ਕੇਸ ਵੀ ਵਾਪਸ ਲੈ ਲਏ ਗਏ ਹਨ। ਇਹ ਸਾਰਾ ਕੁਝ ਸਮਾਜ ਦੇ ਏਕੇ ਕਾਰਨ ਹੀ ਹੋ ਸਕਿਆ ਹੈ। ਭਾਵੇਂ ਸੁਪਰੀਮ ਕੋਰਟ ਨੇ 16 ਮਰਲੇ ਜਗ੍ਹਾ ਹੀ ਮੰਦਿਰ ਨੂੰ ਦਿੱਤੀ ਹੈ ਪ੍ਰੰਤੂ ਬਾਕੀ ਉਸਨੇ ਸਰਕਾਰ ਤੇ ਛੱਡ ਦਿੱਤਾ ਹੈ। ਸੰਤ ਸਤਵਿੰਦਰ ਹੀਰਾ ਨੇ ਦਾਅਵਾ ਕੀਤਾ ਕਿ ਬਾਕੀ ਦੀ ਜਗ੍ਹਾ ਵੀ ਸਾਨੂੰ ਮਿਲ ਸਕਦੀ ਹੈ। ਉਨ੍ਹਾਂ ਇਸ ਗੱਲ ‘ਤੇ ਦੁੱਖ ਵੀ ਪ੍ਰਗਟ ਕੀਤਾ ਕਿ ਕੁਝ ਲੋਕਾਂ ਨੇ ਇਸ ਸਾਰੀ ਪ੍ਰਕ੍ਰਿਆ ਵਿਚ ਨਾਕਾਰਾਤਮਕ ਰੋਲ ਨਿਭਾ ਕੇ ਸ਼ਾਂਤਮਈ ਸੰਘਰਸ਼ ਨੂੰ ਹਿੰਸਕ ਰੂਪ ਦੇਣ ਦੀ ਵੀ ਕੋਸ਼ਿਸ਼ ਕੀਤੀ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸੰਘਰਸ਼ ਕਰ ਰਹੀਆਂ ਸਾਰੀਆਂ ਧਿਰਾਂ ਅਤੇ ਸੁਪਰੀਮ ਕੋਰਟ ਵਿਚ ਧਿਰ ਬਣੀਆਂ ਧਿਰਾਂ ਦੇ ਨੁਮਾਇੰਦਿਆਂ ਨੂੰ ਕਮੇਟੀ ਵਿਚ ਸ਼ਾਮਿਲ ਕਰਕੇ ਕਮੇਟੀ ਜਲਦੀ ਬਣਾਈ ਜਾਵੇ ਤਾਂ ਕਿ ਮੰਦਿਰ ਦਾ ਨਿਰਮਾਣ ਜਲਦੀ ਹੋ ਸਕੇ। ਉਥੇ ਹੀ ਇਹ ਮੰਗ ਵੀ ਕਰਦੇ ਹਾਂ ਕਿ ਸੰਤ ਸ਼੍ਰੋਮਣੀ ਸ੍ਰ੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਦੇ ਨਾਲ ਲੱਗਦੇ ਪਾਰਕ ਅਤੇ ਜਹਾਂਪਨਾਹ ਫੋਰੈਸਟ ਸਿਟੀ ਦੇ ਨਾਂਅ ਨੂੰ ਬਦਲਕ ਸ੍ਰੀ ਗੁਰੂ ਰਵਿਦਾਸ ਫੋਰੈਸਟ ਸਿਟੀ ਰੱਖਿਆ ਜਾਵੇ। ਇਸ ਮੌਕੇ ਉਨ੍ਹਾਂ ਨਾਲ  ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ, ਸੰਤ ਜਗਵਿੰਦਰ ਲਾਂਬਾ ਇੰਚਾਰਜ ਗੁਰੂਘਰ, ਮਹੰਤ ਪ੍ਰਸ਼ੋਤਮ ਲਾਲ ਦੇਹਰਾ ਚੱਕ ਹਕੀਮ ਫਗਵਾੜਾ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਮਕਸੂਦਾਂ, ਸੰਤ ਪ੍ਰਮੇਸ਼ਰੀ ਦਾਸ, ਸ੍ਰੀ ਗੇਜ ਰਾਮ, ਮਾਸਟਰ ਰਾਮ ਕ੍ਰਿਸ਼ਨ ਪੱਲੀਝਿਕੀ, ਸੰਤ ਰਾਮ ਰਤਨ, ਸੰਤ ਗਿਰਧਾਰੀ ਲਾਲ, ਸੰਤ ਕਰਮ ਚੰਦ ਸ੍ਰੀ ਅਜੀਤ ਰਾਮ ਖੈਤਾਨ ਸਾਬਕਾ ਡੀ.ਓ., ਨਾਜਰ ਰਾਮ ਮਾਨ , ਸਾਬਕਾ ਪ੍ਰਿੰਸੀਪਲ ਸਰੂਪ ਚੰਦ, ਅਮਰਜੀਤ ਸਾਂਪਲੇ ਸਾਬਕਾ ਡੀ.ਪੀ.ਓ , ਸੰਤ ਸੋਹਣ ਸਿੰਘ ਕਿਸ਼ਨਗੜ੍ਹ, ਭਾਈ ਪ੍ਰੇਮ ਪਾਲ ਸਿੰਘ ਖ਼ਾਲਸਾ (ਮਸਕਟ ਵਾਲੇ), ਚਰਨ ਸਿੰਘ ਮਾਂਗਟ, ਭਾਈ ਸੁਖਚੈਨ ਸਿੰਘ ਲਹਿਰਾ, ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ, ਸ੍ਰੀ ਗੁਰਦਿਆਲ ਭੱਟੀ ਜ਼ਿਲ੍ਹਾ ਪ੍ਰਧਾਨ, ਸ੍ਰੀ ਬੀਰ ਚੰਦ ਸੁਰੀਲਾ ਜਨਰਲ ਸਕੱਤਰ ਜਲੰਧਰ ਯੂਨਿਟ, ਸ੍ਰੀ ਰਾਮ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।